ਫਗਵਾੜਾ 1 ਦਸੰਬਰ (ਸ਼ਿਵ ਕੋੜਾ) ਜਿਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਬੁਧਵਾਰ 2 ਦਸੰਬਰ ਨੂੰ ਪੰਜਾਬ ਯੂਥ ਕਾਂਗਰਸ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਉਹਨਾਂ ਤਮਾਮ ਹਸਤੀਆਂ ਖਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ ਜੋ ਕਿਸਾਨਾ ਦੇ ਆਂਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾ ਦਾ ਅੰਦੋਲਨ ਨਿਰੋਲ ਰੂਪ ਵਿਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨੀ ਦੇ ਖਿਲਾਫ ਹੈ ਇਸ ਨੂੰ ਖਾਲੀਸਤਾਨ ਜਾਂ ਕਿਸੇ ਤਰਾ ਦੇ ਦੇਸ਼ ਵਿਰੋਧ ਨਾਲ ਜੋੜਨਾ ਨਿੰਦਣਯੋਗ ਹੈ। ਇਸ ਤਰਾ ਦੀ ਕਿਸੇ ਸਾਜਿਸ਼ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਯੂਥ ਕਾਂਗਰਸ ਪੰਜਾਬ ਕਿਸਾਨਾ ਦੇ ਅੰਦਲੋਨ ਨੂੰ ਕਿਸੇ ਸੂਰਤ ਨਾਕਾਮ ਨਹੀਂ ਹੋਣ ਦੇਵੇਗੀ ਅਤੇ ਕਿਸਾਨਾ ਨੂੰ ਉਹਨਾਂ ਦਾ ਹੱਕ ਲੈ ਕੇ ਦਿੱਤਾ ਜਾਵੇਗਾ। ਉਹਨਾਂ ਸੰਭੂ ਬਾਰਡਰ ਤੋਂ ਲੈ ਕੇ ਦਿੱਲੀ ਦੇ ਬਾਰਡਰ ਤੱਕ ਜਗਾ-ਜਗਾ ਬੈਰੀਕੇਟਿੰਗ ਕਰਕੇ ਕਿਸਾਨਾ ਉੱਪਰ ਤਸ਼ੱਦਦ ਕਰਨ ਲਈ ਵੀ ਖੱਟਰ ਸਰਕਾਰ ਦੀ ਸਖਤ ਨਖੇਦੀ ਕੀਤੀ। ਇਸ ਦੌਰਾਨ ਉਹਨਾਂ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਵਲੋਂ ਦਿੱਤੇ ਬਿਆਨ ਦੀ ਵੀ ਸਖਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਕੰਗਨਾ ਨੂੰ ਨਾ ਤਾਂ ਪੰਜਾਬ ਬਾਰੇ ਕੋਈ ਜਾਣਕਾਰੀ ਹੈ ਅਤੇ ਨਾਂ ਇੱਥੋਂ ਦੀ ਖੇਤੀ ਵਿਵਸਥਾ ਬਾਰੇ ਪਤਾ ਹੈ ਇਸ ਲਈ ਬਿਹਤਰ ਹੈ ਕਿ ਉਹ ਇੱਸ ਮੁੱਦੇ ਤੇ ਆਪਣੀ ਜੁਬਾਨ ਬੰਦ ਹੀ ਰੱਖਣ।