ਜਲੰਧਰ :- ਹਿੰਸਾ ਪੀੜਤ ਔਰਤਾਂ ਦੇ ਹਿੱਤਾਂ ਦੀ ਰਾਖੀ ਤੋਂ ਇਲਾਵਾ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਸਖੀ-ਵਨ ਸਟਾਪ ਸੈਂਟਰਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਪੀੜਤ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਢੁੱਕਵੀਂ ਸਹਾਇਤਾ ਮੁਹੱਈਆ ਕਰਵਾ ਕੇ ਨਿਆਂ ਹਾਸਲ ਕਰਨ ਦੇ ਯੋਗ ਬਣਾਉਣਾ ਸਮੇਂ ਦੀ ਲੋੜ ਹੈ।
ਉਹ ਅੱਜ ਇਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਪੰਜਾਬ ਵਿਚ ਲੜਕੀਆਂ /ਔਰਤਾਂ ਦੀ ਜ਼ਿੰਦਗੀ ‘ਤੇ ਹਿੰਸਾ ਦੇ ਸਰੂਪ, ਕਾਰਨਾਂ ਅਤੇ ਪ੍ਰਭਾਵਾਂ ਬਾਰੇ ਸਥਿਤੀ ਅਤੇ ਲਿੰਗ ਆਧਾਰਤ ਹਿੰਸਾ ਦਾ ਟਾਕਰਾ ਕਰਨ ਲਈ ਰੋਕਥਾਮ ਦੇ ਉਪਾਅ ਅਤੇ ਬਚਾਅ ਸਬੰਧੀ ਸੰਖੇਪ ਜਾਣਕਾਰੀ’ ਵਿਸ਼ੇ ‘ਤੇ ਸਖੀ ਵਨ ਸਟਾਪ ਸੈਂਟਰਾਂ ਲਈ ਕਰਵਾਈ ਗਈ ਰਾਜ ਪੱਧਰੀ ਆਨਲਾਈਨ ਟਰੇਨਿੰਗ ਵਰਕਸ਼ਾਪ ਵਿੱਚ ਬੁਲਾਰੇ ਵਜੋਂ ਹਿੱਸਾ ਲੈ ਰਹੇ ਸਨ। ਇਸ ਵਰਕਸ਼ਾਪ ਦੀ ਸ਼ੁਰੂਆਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੱਖ ਸਕੱਤਰ ਰਾਜੀ ਪੀ ਸ਼੍ਰੀ ਵਾਸਤਵ ਦੇ ਉਦਘਾਟਨੀ ਭਾਸ਼ਣ ਨਾਲ ਹੋਈ, ਜਿਸ ਉਪਰੰਤ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਨੇ ਸੰਬੋਧਨ ਕੀਤਾ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਖੀ ਵਨ ਸਟਾਪ ਸੈਂਟਰਾਂ ਵਿੱਚ ਘਰੇਲੂ ਹਿੰਸਾ, ਐਸਿਡ ਅਟੈਕ ਜਾਂ ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤਾਂ ਨੂੰ ਇਕੋ ਛੱਤ ਹੇਠ ਮੁਫ਼ਤ ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਮਨੋਵਿਗਿਆਨਕ ਕਾਊਂਸਲਿੰਗ ਸਮੇਤ ਅਸਥਾਈ ਆਸਰਾ ਆਦਿ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਔਰਤਾਂ ਵਿੱਚ ਵੱਡੇ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ।
ਉਨ੍ਹਾਂ ਕਿਹਾ ਕਿ ਪੀੜਤ ਔਰਤਾਂ ਨੂੰ ਆਪਣੇ ਕਾਨੂੰਨੀ ਹੱਕ/ਇਨਸਾਫ ਪ੍ਰਾਪਤ ਕਰਨ ਵਿਚ ਵਾਧੂ ਮੁਸ਼ਕਿਲਾਂ/ਔਕੜਾਂ ਤੋਂ ਬਚਾਉਣ ਲਈ ਇਨ੍ਹਾਂ ਸੈਂਟਰਾਂ ਨੂੰ ਹੋਰ ਮਜ਼ਬੂਤ ਕੀਤੇ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਜਲੰਧਰ ਵਿਖੇ ਸਖੀ-ਵਨ ਸਟਾਪ ਸੈਂਟਰ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਥੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਚੱਲ ਰਹੇ ਸਖੀ-ਵਨ ਸਟਾਪ ਸੈਂਟਰ ਵੱਲੋਂ ਜਬਰ-ਜ਼ਨਾਹ, ਘਰੇਲੂ ਹਿੰਸਾ, ਸਰੀਰਕ ਅਤੇ ਮਾਨਸਿਕ ਸ਼ੋਸ਼ਣ, ਦਾਜ ਦੇ 380 ਪੀੜਤਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਹੈ ਅਤੇ 360 ਸ਼ਿਕਾਇਤਾਂ ਦਾ ਕਾਊਂਲਿੰਗ ਰਾਹੀਂ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਨਵੀਂ ਇਮਾਰਤ ਨੂੰ ਪੰਜਾਬ ਪੁਲਿਸ ਦੀ 181- ਮਹਿਲਾ ਹੈਲਪਲਾਈਨ ਨਾਲ ਵੀ ਜੋੜਿਆ ਗਿਆ ਹੈ ਅਤੇ ਸਖੀ ਵਨ ਸਟਾਪ ਸੈਂਟਰ ਨੂੰ ਮਹਿਲਾ ਹੈਲਪਲਾਈਨ -181 ਨਾਲ ਏਕੀਕ੍ਰਿਤ ਕਰਨ ਨਾਲ ਪੀੜਤ ਔਰਤਾਂ ਲਈ ਦੂਰ ਸੰਚਾਰ ਰਾਹੀਂ ਸੇਵਾਵਾਂ ਵਧੇਰੇ ਪਹੁੰਚਯੋਗ ਹੋ ਜਾਣਗੀਆਂ।