ਫਗਵਾੜਾ, 6 ਅਕਤੂਬਰ (ਸ਼ਿਵ ਕੋੜਾ) ਪ੍ਰਸਿੱਧ ਗ਼ਜ਼ਲਕਾਰ ਭਜਨ ਸਿੰਘ ਵਿਰਕ ਦਾ ਨਵਾਂ ਛਪਿਆ ਗ਼ਜ਼ਲ ਸੰਗ੍ਰਹਿ ‘ਬਰਬਾਦੀਆਂ ਦਾ ਮੰਜ਼ਰ’ `ਤੇ ਵਿਚਾਰ ਗੋਸ਼ਟੀ ਅਜ਼ਾਦ ਰੰਗ ਮੰਚ ਫਗਵਾੜਾ ਵਲੋਂ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉਸਤਾਦ ਗ਼ਜ਼ਲਗੋ ਸੁੱਲਖਣ ਸਰਹੱਦੀ, ਪ੍ਰੋ: ਸੰਧੂ ਵਰਿਆਣਵੀ ਅਤੇ ਐਡਵੋਕੈਟ ਐਸ.ਐਲ.ਵਿਰਦੀ ਨੇ ਕੀਤੀ। ਇਸ ਕਿਤਾਬ `ਤੇ ਪਰਚਾ ਪੜਦਿਆਂ ਕਵੀ ਸੁੱਲਖਣ ਸਰਹੱਦੀ ਨੇ ਦੱਸਿਆ ਕਿ ਭਜਨ ਸਿੰਘ ਵਿਰਕ ਦੀਆਂ ਛੇ ਕਾਵਿ-ਸੰਗ੍ਰਹਿ ਅਤੇ ਅੱਠ ਗ਼ਜ਼ਲ-ਸੰਗ੍ਰਹਿ ਛੱਪ ਚੁੱਕੇ ਹਨ। ਵਿਚਾਰ ਗੋਚਰੀ ਕਿਤਾਬ ਰਾਹੀਂ ਭਜਨ ਸਿੰਘ ਵਿਰਕ ਨੇ ਗ਼ਜ਼ਲਾਂ ਦੀ ਸੰਵੇਦਨਸ਼ੀਲਤਾ ਅਤੇ ਲੋਕਾਂ ਪ੍ਰਤੀ ਪ੍ਰਤੀਨਧਤਾ ਨਾਲ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ ਹੈ। ਉਸ ਦੀਆਂ ਗ਼ਜ਼ਲਾ ਸਪੱਸ਼ਟਤਾ, ਸੰਖੇਪਤਾ ਅਤੇ ਸਰਲਤਾ ਦੇ ਗੁਣਾਂ ਦੀਆਂ ਧਾਰਨੀ ਹਨ। ਉਸ ਦੀ ਸ਼ਾਇਰੀ ਮਨੁੱਖਤਾ ਨੂੰ ਚੰਗੀ ਸੇਧ ਦੇਣ ਵਾਲੀ ਹੈ। ਇਸ ਦੇ ਨਾਲ ਨਾਲ ਉਸਨੂੰ ਅਰੂਜ਼ ਦਾ ਇਲਮ ਵੀ ਹੈ।ਪਰਚੇ ਤੇ ਚਰਚਾ ਕਰਦਿਆਂ ਪ੍ਰੋ; ਸੰਧੂ ਵਰਿਆਣਵੀ, ਗੁਰਮੀਤ ਸਿੰਘ ਪਲਾਹੀ, ਜਗੀਰ ਸਿੰਘ ਨੂਰ, ਐਡਵੋਕੇਟ ਐਸ.ਐਲ. ਵਿਰਦੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਸ ਉਪਰੰਤ ਹੋਏ ਕਵੀ ਦਰਬਾਰ ਵਿਚ ਰਵਿੰਦਰ ਚੋਟ, ਮਨੋਜ਼ ਫਗਵਾੜਵੀ, ਸੀਤਲ ਰਾਮ ਬੰਗਾ, ਜਗਦੀਸ਼ ਰਾਣਾ, ਜਸਪਾਲ ਜ਼ੀਰਵੀ, ਬਲਦੇਵ ਰਾਜ ਕੋਮਲ, ਬੀਬਾ ਕੁਲਵੰਤ, ਦਿਲਬਹਾਰ ਸ਼ੋਕਤ, ਗੁਰਨਾਮ ਬਾਵਾ ਨੇ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ। ਆਜ਼ਾਦ ਰੰਗ ਮੰਚ ਫਗਵਾੜਾ ਵਲੋਂ ਭਗਤ ਸਿੰਘ ਦੀ ਸ਼ਹੀਦੀ ਬਾਰੇ ਨਾਟਕ ਵੀ ਪੇਸ਼ ਕੀਤਾ ਗਿਆ। ਸਟੇਜ਼ ਦੀ ਭੂਮਿਕਾ ਬੀਬਾ ਕੁਲਵੰਤ ਨੇ ਬਾਖ਼ੁਬੀ ਨਿਭਾਈ ਅਤੇ ਅੰਤ ਵਿਚ ਭਜਨ ਸਿੰਘ ਵਿਰਕ ਨੇ ਹਾਜ਼ਰ ਸਾਰੇ ਵਿਦਵਾਨਾ ਦਾ ਧੰਨਵਾਦ ਕੀਤਾ ਗਿਆ। ਸਰੋਤਿਆਂ ਵਿਚ ਸਾਹਿਤਕਾਰ ਪ੍ਰਵਿੰਦਰਜੀਤ ਅਤੇ ਗਮਨੂ ਬਾਂਗਲ ਵੀ ਹਾਜ਼ਰ ਸਨ।