ਜਲੰਧਰ 17 ਅਪ੍ਰੈਲ 2021
ਮੌਸਮ ਵਿੱਚ ਆਈ ਤਬਦੀਲੀ ਕਰਕੇ ਕਿਸਾਨਾਂ ਦੀ ਸੋਨੇ ਰੰਗੀ ਕਣਕ ਦੀ ਫ਼ਸਲ ਨੂੰ ਬਚਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਰਕਿਟ ਕਮੇਟੀਆਂ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਣਕ ਦੇ ਢੇਰਾਂ ਨੂੰ ਢੱਕਣ ਲਈ ਲੋੜੀਂਦੀਆਂ ਤਰਪਾਲਾਂ ਉਪਲਬੱਧ ਕਰਵਾਈਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਸ੍ਰ.ਨਰਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਤੂਫ਼ਾਨ ਅਤੇ ਬੇਮੌਸਮੀ ਬਰਸਾਤ ਨੂੰ ਦੇਖਦਿਆਂ ਅੱਜ ਸਵੇਰ ਤੋਂ ਹੀ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ।ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਮੌਸਮੀ ਬਰਸਾਤ ਤੋਂ ਪਹਿਲਾਂ ਸਾਰੀਆਂ ਅਨਾਜ ਮੰਡੀਆਂ ਵਿੱਚ ਲੋੜੀਂਦੀਆਂ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਅਤੇ ਖ਼ਰੀਦ ਏਜੰਸੀਆਂ ਦੇ ਅਮਲੇ ਵਲੋਂ ਕਣਕ ਦੇ ਢੇਰਾਂ ਅਤੇ ਕਣਕ ਦੇ ਭਰੇ ਹੋਏ ਬੋਰਿਆਂ ਨੂੰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਢੱਕ ਦਿੱਤਾ ਗਿਆ ਸੀ ਤਾਂ ਜੋ ਕਣਕ ਦਾ ਕੋਈ ਨੁਕਸਾਨ ਨਾ ਹੋ ਸਕੇ।
ਉਨ੍ਹਾਂ ਦੱਸਿਆ ਬੇਮੌਸਮੀ ਬਰਸਾਤ ਕਰਕੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣੇ ਨਾ ਕਰਨਾ ਪਵੇ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਹੀ ਸਮੁੱਚੇ ਅਮਲੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਖ਼ਰੀਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਖ਼ਰੀਦ ਪ੍ਰਕਿਰਿਆ ਕਿਸਾਨਾਂ ਦੀ ਸਹਾਇਤਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਕਿ ਕਿਉਂਕਿ ਜ਼ਿਲ੍ਹੇ ਵਿੱਚ ਕਣਕ ਦੀ ਖ਼ਰੀਦ, ਚੁਕਾਈ ਅਤੇ ਖ਼ਰੀਦੀ ਫ਼ਸਲ ਦੀ ਸਮੇਂ ਸਿਰ ਅਦਾਇਗੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ।