ਜਲੰਧਰ:

ਅੱਜ ਕਰੋਨਾ ਵਾਇਰਸ ਤੋਂ ਬਚਾਅ ਲਈ ਜੋ ਲਾਕ ਡਾਊਨ ਦੇ ਦੌਰਾਨ ਪਾਬੰਦੀਆਂ ਲੱਗੀਆਂ ਹਨ, ਉਹਨਾਂ ਦੇ ਕੁੱਝ ਸਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲੇ ਹਨ, ਉਹਨਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਪ੍ਰਦੂਸ਼ਣ ਦਾ ਘੱਟ ਹੋਣਾ ਤੇ ਵਾਤਾਵਰਨ ਨੂੰ ਸੌਖਾ ਸਾਹ ਮਿਲਣਾ, ਜਾਨਵਰਾਂ, ਪੰਛੀਆਂ ਆਦਿ ਨੂੰ ਖੁਲੀ ਹਵਾ ਮਿਲਣੀ ਆਦਿ। ਇਸ ਤੋਂ ਇਲਾਵਾ ਸਾਰਿਆਂ ਲਈ ਸਭ ਤੋਂ ਹੈਰਾਨੀ ਵਾਲੀ ਗੱਲ ਕਿ ਸਮਾਜ ਦੇ ਰਿਵਾਜਾਂ ਵਿੱਚ ਬਦੋਬਦੀ ਬਦਲਾਅ ਆ ਜਾਣਾ ਤੇ ਫਿਜ਼ੁਲਖਰਚੀ ਆਦਿ ਦਾ ਵੀ ਘੱਟ ਹੋ ਜਾਣਾ। ਜਲੰਧਰ ਵਿੱਦਿਅਕ ਸੋਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਨਾਮਧਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਦੱਸਿਆ ਕਿ ਵਰਤਮਾਨ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਅਸਾਨੂੰ ਵਾਰ- ਵਾਰ ਇਹ ਸਮਝਾਂਉਂਦੇ ਰਹੇ ਕਿ ਬੇਲੋੜੇ ਖਰਚੇ ਬੰਦ ਕਰ ਕੇ ਗਰੀਬ ਵਰਗ ਲਈ ਹੌਸਪੀਟਲ ਅਤੇ ਸਿਖਿਆ ਸੰਸਥਾਵਾਂ ਖੋਲੀਆਂ ਜਾਣ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਵੀ ਵੱਖ- ਵੱਖ ਥਾਵਾਂ ਤੇ ਲੱਗੇ ਹੋਏ ਪੋਸਟਰ ਅਤੇ ਟੀ.ਵੀ. ਰਾਹੀਂ ਵਿਖਾਏ ਗਏ ਸੰਦੇਸ਼ ਵੀ ਇਹ ਸੁਨੇਹਾ ਦੇ ਰਹੇ ਸਨ ਕਿ ਸੰਗਤ ਦਾ ਪੈਸਾ ਬੇਲੋੜੇ ਪਦਾਰਥਾਂ, ਜਿਵੇਂ ਕਿ ਮਹਿੰਗੇ ਲੰਗਰ , ਵੱਡੇ-ਵੱਡੇ ਨਗਰ ਕੀਰਤਨ, ਮਹਿੰਗੇ ਚੰਦੋਏ, ਗੁਰਦੁਆਰੇ, ਮੰਦਰ ਜਾਂ ਪਾਲਕੀਆਂ ਆਦਿ ਤੇ ਸੋਨਾ ਲਗਾਉਣ ਦੀ ਥਾਂ ਕਿਸੇ ਲੋੜਵੰਦ ਦੀ ਮਦਦ ਜਾਂ ਉਹਨਾਂ ਨੂੰ ਰੋਟੀ ਸਿਰ ਕਰਨ ਲਈ ਵਿਦਿਆ ਦੇ ਲੰਗਰ ਲਾਏ ਜਾਣ। ਇਸ ਤੋਂ ਇਲਾਵਾ ਆਪ ਜੀ ਨੇ ਸਾਦੇ ਵਿਵਾਹ ਵੀ ਕਰਨ ਲਈ ਪਹਿਲਾਂ ਤੋਂ ਹੀ ਪ੍ਰੇਰਿਤ ਕੀਤਾ ਸੀ ਅਤੇ ਕਿਹਾ ਸੀ ਜਿਹੜਾ ਪੈਸੇ ਵਾਧੂ ਹੁੰਦਾ, ਉਹ ਆਪਣੀ ਧੀ- ਭੈਣ ਦੇ ਭਵਿੱਖ ਲਈ ਕਿਤੇ ਨਿਵੇਸ਼ ਕਰ ਦਿਉ। ਪਰ ਸੰਭਵ ਹੈ ਕਿ ਉਸ ਵੇਲੇ ਆਪ ਜੀ ਦੀਆਂ ਗੱਲਾਂ ਵੱਲ ਕਿਸੇ ਨੇ ਜਿਆਦਾ ਧਿਆਨ ਹੀ ਨਹੀਂ ਦਿੱਤਾ ਹੋਣਾ। ਪਰ ਅੱਜ ਜਿਹੜਾ ਸਮਾਂ ਬਣਿਆ ਹੈ, ਉਸ ਅਨੁਸਾਰ ਸਾਨੂੰ ਸਾਰੀਆਂ ਗੱਲਾਂ ਹੀ ਮੰਨਣੀਆਂ ਪਈਆਂ। ਜਿਵੇਂ ਕਿ ਅਖਬਾਰਾਂ ਰਾਹੀਂ ਅਤੇ ਇੰਟਰਨੈਟ ਰਾਹੀਂ, ਸਮਾਜ ਦੇ ਲੋਕਾਂ ਤੋਂ ਵੇਖਣ- ਸੁਨਣ ਨੂੰ ਮਿਲਿਆ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਰਾਮਨੌਮੀ ਦਾ ਤਿਉਹਾਰ ਇਸ ਵਾਰ ਮਨਾਇਆ ਗਿਆ, ਉਹ ਭਗਵਾਨ ਰਾਮ ਨੂੰ ਬਿਲਕੁਲ ਅੰਦਰੋਂ ਸੱਚੇ ਮਨ ਨਾਲ ਹੀ ਯਾਦ ਕਰ ਕੇ ਮਨਾਇਆ ਗਿਆ, ਕੋਈ ਬਾਹਰੀ ਵਿਖਾਵਾ ਜਾਂ ਫਿਜ਼ੁਲਖਰਚੀ ਨਹੀਂ ਹੋਈ, ਭਾਵੇਂ ਖੁਸ਼ੀ ਮਨਾਉਣ ਲਈ ਕੁੱਝ ਹੱਦ ਤੱਕ ਖਰਚੇ ਕਰਨੇ ਤਾਂ ਜਾਇਜ ਹਨ, ਪਰ ਅੱਜਕਲ ਬਹੁਤ ਕੁਝ ਬਾਹਰੀ ਵਿਖਾਵਾ ਅਤੇ ਬੇਲੋੜਾ ਖਰਚਾ ਹੀ ਜਿਆਦਾ ਹੋ ਜਾਂਦਾ। ਇਸ ਦੇ ਨਾਲ ਹੀ ਆਤਿਸ਼ਬਾਜੀ ਆਦਿ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਇਸ ਤੋਂ ਇਲਾਵਾ ਸਮਾਜ ਵਿੱਚ ਇਨ੍ਹੀ ਦਿਨੀਂ ਸਾਦੇ ਵਿਵਾਹ ਵਾਲੀ ਰਸਮ ਵੀ ਲਾਗੂ ਹੋ ਗਈ। ਪੈਲੇਸਾਂ ਆਦਿ ਵਿੱਚ ਹੋਣ ਵਾਲੇ ਖਰਚੇ ਤੇ ਵੀ ਠੱਲ੍ਹ ਪਈ ਹੈ।
ਇਸ ਦੇ ਨਾਲ ਹੀ ਪਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਆਪ ਜੀ ਜਿਹੜੀ ਗੁਰੂ ਸਾਹਿਬਾਨਾਂ ਦੁਆਰਾ ਦੱਸੀ ਸੁੱਚ- ਸਫਾਈ ਦੀ ਮਰਿਆਦਾ ਬਾਰੇ ਸੰਗਤ ਨੂੰ ਅਪਨਾਉਣ ਲਈ ਦੁਬਾਰਾ ਤੋਂ ਨੁਕਤੇ ਦੱਸੇ ਸੀ ਕਿ ਕਿਵੇਂ ਸਾਨੂੰ ਆਪਣੇ ਹੱਥ ਵਾਰ- ਵਾਰ ਧੋਣੇ ਚਾਹੀਦੇ, ਬਾਹਰੋਂ ਲਿਆਂਦੇ ਫਲ, ਸਬਜ਼ੀਆਂ ਜਾਂ ਪਦਾਰਥਾਂ ਨੂੰ ਧੋ ਕੇ ਰੱਖੋ, ਬਾਹਰੋਂ ਲਿਆਂਦੀ ਜੁੱਤੀ ਨੂੰ ਘਰ ਵਿਚ ਨਾ ਵਰਤਿਆ ਜਾਵੇ, ਕਿਸੇ ਦਾ ਜੂਠਾ ਨਹੀਂ ਖਾਣਾ, ਬਾਹਰ ਦਾ ਨਹੀਂ ਖਾਣਾ ਆਦਿ ਤੋਂ ਇਲਾਵਾ ਆਪਣੇ ਸੰਸਕਾਰਾਂ ਨੂੰ ਮੁੱਖ ਰੱਖਦੇ ਹੋਏ ਅਤੇ ਬਿਮਾਰੀਆਂ ਆਦਿ ਤੋਂ ਬਚਣ ਲਈ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਆਦਿ ਬੁਲਾਈ ਜਾਵੇ, ਹੱਥ ਨਾ ਮਿਲਾਏ ਜਾਣ। ਇਸ ਤੋਂ ਇਲਾਵਾ ਲੰਗਰ ਪਕਾਉਣ ਵਾਲੇ ਅਤੇ ਵਰਤਾਉਣ ਵਾਲੇ ਨੂੰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਵੇਂ ਆਪ ਜੀ ਨੇ ਆਪਣੀ ਦੂਰਦਰਸ਼ੀ ਸੋਚ ਨਾਲ ਸਾਨੂੰ ਪਹਿਲਾਂ ਤੋਂ ਹੀ ਸੁਚੇਤ ਕੀਤਾ ਸੀ ਪਰ ਇਹ ਸਭ ਗੱਲਾਂ ਭਾਵੇ ਮਜਬੂਰੀ ਵਸ, ਭਾਵੇਂ ਡਾਕਟਰਾਂ ਦੀ ਸਲਾਹ ਨਾਲ ਹੀ, ਤਕਰੀਬਨ ਸਾਨੂੰ ਸਾਰਿਆਂ ਨੂੰ ਹੀ ਮੰਨਣੀਆਂ ਪੈ ਰਹੀਆਂ ਹਨ ।
ਉਹਨਾਂ ਨੇ ਇਹ ਵੀ ਦੱਸਿਆ ਕਿ ਕੋਈ ਵੀ ਮਹਾਂਪੁਰਖ ਹਮੇਸ਼ਾ ਸਮੁਚੇ ਸਮਾਜ ਦੇ ਭਲੇ ਦੀ ਹੀ ਸੋਚਦਾ ਹੈ ਕਿਸੇ ਇੱਕ ਵਾਸਤੇ ਨਹੀਂ ਇਸ ਲਈ ਉਹਨਾਂ ਦੇ ਦੱਸੇ ਰਾਹ ਤੇ ਚੱਲ ਕੇ ਸਾਨੂੰ ਆਪਣਾ ਜੀਵਨ ਨੂੰ ਸੁਖੀ ਬਣਾਉਣ ਦੀ ਲੋੜ ਹੈ। ਅੱਜ ਦੀ ਔਖੀ ਘੜੀ ਵਿਚੋਂ ਨਜਿੱਠਣ ਲਈ ਵੀ ਠਾਕੁਰ ਜੀ ਦਾ ਇਹੀ ਸੰਦੇਸ਼ ਹੈ ਕਿ ਸਵੇਰੇ ਉੱਠ ਕੇ ਧਿਆਨ ਧਰ ਕੇ ਸਾਰੇ ਧੰਨ ਗੁਰੂ ਨਾਨਕ ਕਹੋ ਅਤੇ ਸੁੱਚ- ਸਫਾਈ ਦਾ ਪੂਰਾ ਧਿਆਨ ਰੱਖੋਗੇ ਤਾਂ ਕੋਈ ਵੀ ਵਾਇਰਸ ਨੇੜੇ ਨਹੀਂ ਆ ਸਕਦਾ।
ਇਸ ਮੌਕੇ ਪ੍ਰੀਤਮ ਸਿੰਘ, ਉੱਤਮ ਸਿੰਘ, ਤਰਲੋਕ ਸਿੰਘ, ਰਾਜਪਾਲ ਕੌਰ, ਸਰਬਜੀਤ ਕੌਰ, ਜਸਬੀਰ ਕੌਰ, ਗੁਰਮੀਤ ਸਿੰਘ ਵਿਰਦੀ ਆਦਿ ਹਾਜਿਰ ਸਨ।